- ਗਊਧਨ ਸੇਵਾ ਸੰਭਾਲਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਅਗਾਂਹਵਧੂ ਕੰਮ ਸ਼ਲਾਘਾਯੋਗ-ਸਚਿਨ ਸ਼ਰਮਾ
ਪਟਿਆਲਾ, 18 ਦਸੰਬਰ 2020 - ਪੰਜਾਬ ਗਊ ਸੇਵਾ ਕਮਿਸ਼ਨ ਨੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਰਾਜ ਦੀਆਂ ਗਊਸ਼ਾਲਾਵਾਂ ਵਿੱਚ ਗਊਧਨ ਦੀ ਟੈਗਿੰਗ ਦੀ ਸ਼ੁਰੂਆਤ ਕਰਵਾਈ ਹੈ। ਪਟਿਆਲਾ ਦੇ ਸ੍ਰੀ ਕਲਿਆਣੀ ਗਊਮਾਤਾ ਚੈਰੀਟੇਬਲ ਟਰੱਸਟ ਦੀ ਗਊਸ਼ਾਲਾ, ਪਿੰਡ ਆਸੇਮਾਜਰਾ ਵਿਖੇ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਗਊਧਨ ਦੇ ਟੈਗਿੰਗ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਗਊਧਨ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ।
ਚੇਅਰਮੈਨ ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਗਊਧਨ ਦੀ ਟੈਗਿੰਗ ਦਾ ਕੰਮ ਆਰੰਭ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਊਧਨ ਨੂੰ ਗਊਸ਼ਾਲਾਵਾਂ ਤੱਕ ਪਹੁੰਚਾਉਣ ਦਾ ਲਾਭ ਇਹ ਹੈ ਕਿ ਇਸ ਨਾਲ ਰਾਜ ਵਿੱਚ ਬੇਸਹਾਰਾ ਗਊ ਵੰਸ਼ ਨੂੰ ਸਹੀ ਢੰਗ ਨਾਲ ਰੱਖਿਆ ਜਾ ਸਕਦ ਹੈ, ਜਿਸ ਨਾਲ ਰਾਜ ਦੇ ਲੋਕਾਂ ਨੂੰ ਰਾਹਤ ਮਿਲਦੀ ਹੈ ਅਤੇ ਨਾਲ ਹੀ ਗਊਧਨ ਦੀ ਭਲਾਈ ਵੀ ਹੋਵੇਗੀ।
ਚੇਅਰਮੈਨ ਸ੍ਰੀ ਸ਼ਰਮਾ ਨੇ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਰਾਜ ਵਿੱਚ ਗਊਧਨ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਰਾਜ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੂਰੇ ਰਾਜ ਵਿੱਚ ਗਊ ਭਲਾਈ ਦੇ ਕੰਮ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਥੇ ਪਹਿਲੀ ਵਾਰ ਰਾਜ ਵਿਚ ਗਊ ਭਲਾਈ ਸਿਹਤ ਕੈਂਪ ਲਗਾਏ ਜਾ ਰਹੇ ਹਨ, ਉਥੇ ਹੁਣ ਬੇਸਹਾਰਾ ਗਊ ਖਾਨਦਾਨ ਨੂੰ ਗਊਸ਼ਾਲਾਵਾਂ ਵਿਚ ਲਿਆਉਣ ਦਾ ਕੰਮ ਵੀ ਚੱਲ ਰਿਹਾ ਹੈ।
ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੱਥੇ ਖ਼ੁਦਗਊਵੰਸ਼ ਦੀ ਸੇਵਾ ਸੰਭਾਲਣ ਲਈ ਤਤਪਰ ਹਨ ਉਥੇ ਹੀ ਉਨ੍ਹਾਂ ਦੀ ਸੋਚ ਸਦਕਾ ਪੰਜਾਬ ਸਰਕਾਰ ਵੀ ਇਸ ਪ੍ਰਤੀ ਆਪਣੀ ਵਚਨਬੱਧਤਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਯਤਨ ਪੰਜਾਬ ਗਊ ਸੇਵਾ ਕਮਿਸ਼ਨ, ਪਸ਼ੂ ਪਾਲਣ ਵਿਭਾਗ ਦੇ ਏ.ਸੀ.ਐਸ. ਵਿਜੇ ਕੁਮਾਰ ਜੰਜੂਆ ਅਤੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਹਰਵਿੰਦਰ ਸਿੰਘ ਕਾਹਲੋਂ ਦੀ ਇਕ ਸਾਂਝੀ ਸੋਚ ਦਾ ਸਾਰਥਕ ਸਿੱਟਾ ਹਨ।
ਚੇਅਰਮੈਨ ਸ੍ਰੀ ਸ਼ਰਮਾ ਨੇ ਗਊਧਨ ਦੀ ਟੈਗਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਵਿੱਖ ਵਿੱਚ, ਜੇ ਕੋਈ ਪਸ਼ੂ ਸੜਕਾਂ 'ਤੇ ਭਟਕਦਾ ਪਾਇਆ ਜਾਦਾ ਹੈ, ਜਾਂ ਕਿਸੇ ਕਾਰਨ ਹਾਦਸੇ ਕਾਰਨ ਉੁਸਦੀ ਮੌਤ ਹੁੰਦੀ ਹੈ ਜਾਂ ਉਹ ਬਿਮਾਰ ਹਾਲਤ ਵਿੱਚ ਪਾਇਆ ਜਾਂਦਾ ਹੈ, ਤਾਂ ਇਸਦਾ ਟੈਗ ਰਜਿਸਟ੍ਰੇਸ਼ਨ ਨੰਬਰ, ਗੌਸ਼ਾਲਾ ਜਾਂ ਕੈਟਲ ਪੌਂਡ ਦਾ ਪਤਾ ਦਰਸਾਏਗਾ ਅਤੇ ਉਸ ਗਊਸ਼ਾਲਾ ਦੇ ਪ੍ਰਬੰਧਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਗਊ ਸੇਵਾ ਸੰਭਾਲ ਦਾ ਕੰਮ ਸਹੀ ਢੰਗ ਨਾਲ ਨਾ ਕਰਨ ਲਈ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਅਣਦੇਖੀ ਕਰਨ ਵਾਲਿਆਂ ਵਿਰੁੱਧ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ।
ਸਚਿਨ ਸ਼ਰਮਾ ਨੇ ਗਊਧਨ ਦੇ ਕੰਮ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਰਜ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਦਾ ਸਹਿਯੋਗ ਕਰਨ ਅਤੇ ਗਊਸ਼ਾਲਾਵਾਂ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ। ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪਟਿਆਲਾ ਰਾਜਕੁਮਾਰ ਗੋਇਲ, ਗਊਸ਼ਾਲਾ ਦੇ ਕਮੇਟੀ ਮੈਂਬਰ ਅਤੇ ਹੋਰ ਗਊ ਭਗਤ ਮੌਜੂਦ ਸਨ।