0172-2298085

Follow Us on  



<< BACK


ਗੋਪਾਅਸ਼ਟਮੀ ਮੌਕੇ ਚੇਅਰਮੈਨ ਗਊ ਸੇਵਾ ਕਮਿਸ਼ਨ ਨੇ ਦਿੱਤੀ ਮੁਬਾਰਕਬਾਦ











ਲੁਧਿਆਣਾ, 23 ਨਵੰਬਰ 2020  - ਗਊ ਭਗਤਾਂ ਵੱਲੋਂ ਸੂਬੇ ਭਰ ਵਿੱਚ 22 ਨਵੰਬਰ ਨੂੰ ਗੋਪਾਅਸ਼ਟਮੀ ਦਾ ਦਿਹਾੜਾ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਪੰਜਾਬ ਗਊ ਸੇਵਾ ਕਮੀਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾਂ ਵੱਲੋਂ ਦੰਡੀ ਸਵਾਮੀ ਗਊਲੋਕ ਧਾਮ, ਹੰਬੜਾ ਰੋਡ ਲੁਧਿਆਣਾ ਵਿਖੇ ਗਊਪੂਜਾ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਗਊਸੇਵਾ ਕਮੇਟੀ ਦੇ ਮੈਬਰਾਂ ਵੱਲੋਂ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਬ੍ਰਾਹਮਣਾਂ ਵੱਲੋਂ ਗਊਮਾਤਾ ਦਾ ਪੂਜਨ ਕੀਤਾ ਗਿਆ।

ਸ੍ਰੀ ਸ਼ਰਮਾਂ ਨੇ ਗਊ ਭਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਮਾਤਮਾ ਵੱਲੋ ਬਖਸ਼ਿਆ ਇਹ ਮਨੁੱਖ ਰੂਪੀ ਜੀਵਨ ਸਾਡੇ ਸਾਰਿਆਂ ਲਈ ਵੱਡਮੁਲਾ ਹੈ, ਉਨ੍ਹਾਂ ਕਿਹਾ ਕਿ ਉਹ ਇਕ ਮਨੁੱਖ ਹੋਣ ਦੇ ਨਾਲ-ਨਾਲ ਸਨਾਤਨ ਧਰਮ ਦੀਆਂ ਜੜ੍ਹਾਂ ਨਾਲ ਵੀ ਜੁੜੇ ਹੋਏ ਹਨ ਜਿਸ ਕਰਕੇ ਸਾਨੂੰ ਸਾਰਿਆਂ ਨੂੰ ਬਚਪਨ ਤੋਂ ਹੀ ਆਪਣੇ ਪੁਰਖਾਂ, ਗੁਰੂਆਂ, ਵੇਦਾਂ ਅਤੇ ਮਾਤਾ-ਪਿਤਾ ਤੋਂ ਗਿਆਨ ਮਿਲਿਆ ਹੈ ਕਿ ਗਊਮਾਤਾ ਹਮੇਸ਼ਾਂ ਲਈ ਪੂਜਣਯੋਗ ਹੈ। ਉਨ੍ਹਾਂ ਕਿਹਾ ਕਿ ਇਸਦਾ ਸਭ ਤੋ ਵੱਡਾ ਕਾਰਨ 33 ਕੋਟਿ ਦੇਵੀ ਦੇਵਤਾਵਾਂ ਦਾ ਗਊਮਾਤਾ ਵਿੱਚ ਨਿਵਾਸ ਕਰਨਾ ਤੇ ਦੂਜਾ ਮਾਂ ਦੇ ਦੁੱਧ ਤੋਂ ਬਾਅਦ ਕਿਸੀ ਆਹਾਰ ਨੂੰ ਨਵਜੰਮੇ ਬੰਚੇ ਲਈ ਅਮ੍ਰਿਤ ਕਿਹਾ ਗਿਆ ਹੈ, ਤਾਂ ਉਹ ਹੈ ਗਾਂ ਦਾ ਦੁੱਧ ਹੀ ਹੈ। ਉਨ੍ਹਾਂ ਕਿਹਾ ਕਿ ਇਸੇ ਕਰਕੇ ਜਨ-ਜਨ ਦਾ ਯੁਗਾਂ-ਯੁਗਾਂ ਤੋਂ ਪੋਸ਼ਣ ਕਰਨ ਤੇ ਸਨੇਹ ਕਰਨ ਵਾਲੀ ਗਊਮਾਤਾ ਸਹੀ ਮਾਇਨੇ ਵਿੱਚ ਮਾਂ ਸਮਾਨ ਹੈ। ਉਨ੍ਹਾਂ ਕਿਹਾ ਕਿ ਜਿਸ ਦੀ ਪੂਜਾ ਅਤੇ ਆਸਥਾ ਰੱਖਣ ਨਾਲ ਜਿੱਥੇ ਸਾਰੇ ਦੇਵੀ-ਦੇਵਤਾਵਾਂ ਦਾ ਆਸ਼ੀਰਵਾਦ ਮਿਲਦਾ ਹੈ, ਉੱਥੇ ਹੀ ਜੀਵਨ ਵਿੱਚ ਨਵੀਂ ਸਾਕਾਰਤਮਕ ਊਰਜਾ ਦਾ ਵੀ ਸੰਚਾਰ ਹੁੰਦਾ ਹੈ, ਮਨ ਵਿੱਚੋਂ ਗਲਤ ਵਿਚਾਰ ਦੂਰ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ''ਭਗਵਾਨ ਸ੍ਰੀ ਕ੍ਰਿਸ਼ਣ ਜੀ ਨੇ ਕਿਹਾ ਸੀ ਕਿ ਮੇਰੀ ਪੂਜਾ ਤੇ ਪ੍ਰਾਰਥਨਾ ਤਾਂ ਘਰ, ਮੰਦਿਰ ਵਿੱਚ ਵੀ ਕਰ ਸਕਦੇ ਹੋ, ਪਰ ਜੇਕਰ ਮੈਨੂੰ ਮਿਲਣਾ ਮਹਿਸੂਸ ਕਰਨ ਹੋਵੇ ਤਾਂ ਗਊਸ਼ਾਲਾਵਾਂ ਵਿੱਚ ਆਓ ਅਤੇ ਗਊਸੇਵਾ ਨੂੰ ਆਪਦੀ ਰੋਜ਼ਾਨਾ ਜਿੰੰ਼ਦਗੀ ਦਾ ਹਿੱਸਾ ਬਣਾਓ''।

ਉਨ੍ਹਾ ਅੱਗੇ ਕਿਹਾ ਕਿ ਜਦੋ ਗਾਂ ਨਹੀਂ ਹੋਵੇਗੀ ਤਾਂ ਸ੍ਰੀ ਕ੍ਰਿਸ਼ਣ ਕਿਥੋਂ ਹੋਣਗੇ? ਜੇਕਰ ਨੰਦੀ ਨਹੀਂ ਹੋਣਗੇ ਤਾਂ ਭਗਵਾਨ ਮਹਾਂਦੇਵ ਕਿਥੇ ਹੋਣਗੇ? ਕਿਸਨੂੰ ਚਰਾਉਣਗੇ ਤੇ ਕਿਸ ਦੀ ਸਵਾਰੀ ਕਰਨਗੇ? ਭਗਵਾਨ ਸ੍ਰੀ ਕ੍ਰਿਸ਼ਣ ਅਤੇ ਮਹਾਂਦੇਵ ਤੱਕ ਪਹੁੰਚਣ ਲਈ ਗਊਮਾਤਾ ਅਤੇ ਨੰਦੀ ਜੀ ਹੀ ਸਹਾਈ ਹਨ। ਉਨ੍ਹਾਂ ਦੱਸਿਆ ਕਿ ਗੋਪਾਅਸ਼ਟਮੀ ਦਾ ਮਹੱਤਵ ਇਹ ਹੈ ਕਿ ਜਦੋਂ ਭਗਵਾਨ ਸ੍ਰੀ ਕ੍ਰਿਸਣ ਨੇ 6 ਸਾਲ ਦੀ ਉਮਰ ਵਿੱਚ ਕਦਮ ਰੱਖਿਆ ਸੀ ਤਾਂ ਮਾਤਾ ਯਸ਼ੋਦਾ ਨਾਲ ਜਿੱਦ ਕਰਕੇ ਕਹਿਣ ਲੱਗੇ ਕਿ ਉਹ ਵੱਡੇ ਹੋ ਗਏ ਹਨ ਤੇ ਹੁਣ ਬਛੜੇ ਦੀ ਬਜਾਏ ਗਾਂ ਨੂੰ ਚਰਾਉਣਾ ਚਾਹੁੰਦੇ ਹਨ। ਉਨ੍ਹਾਂ ਦੀ ਜਿੱਦ ਅੱਗੇ ਮਾਂ ਨੂੰ ਹਾਰਨਾ ਪਿਆ ਅਤੇ ਨੰਦ ਬਾਬਾ ਤੋਂ ਆਗਿਆ ਲੈਣ ਲਈ ਭੇਜ ਦਿੱਤਾ, ਨੰਦ ਬਾਬਾ ਗਾਂ ਚਰਾਉਣ ਦੇ ਮਹੂਰਤ ਕਢਵਾਉਣ ਲਈ ਰਿਸ਼ੀ ਸ਼ਾਡਿਲਯ ਦੇ ਕੋਲ ਪਹੁੰਚੇ ਤੇ ਅੱਗੋਂ ਰਿਸ਼ੀ ਨੇ ਕਿਹਾ ਕਿ ਮੌਜੂਦਾ ਸਮੇਂ ਤੋਂ ਇਲਾਵਾ ਅਗਲੇ ਇਕ ਸਾਲ ਤੱਕ ਗਾਂ ਚਰਾਉਣ ਲਈ ਕੋਈ ਮਹੂਰਤ ਨਹੀਂ ਨਿਕਲਦਾ। ਉਨ੍ਹਾਂ ਕਿਹਾ ਕਿ ਭਗਵਾਨ ਦੀ ਇੱਛਾ ਦੇ ਅੱਗੇ ਮਹੂਰਤ ਦੀ ਕੀ ਮਹੱਤਤਾ ਹੈ? ਜਦੋਂ ਭਗਵਾਨ ਸ੍ਰੀ ਕ੍ਰਿਸ਼ਨ ਨੇ ਗਾਂ ਦਾ ਪਾਲਣ ਸ਼ੁਰੂ ਕੀਤਾ, ਉਸੇ ਦਿਨ ਗਾਂ ਨੂੰ ਤਿਆਰ ਕੀਤਾ, ਮੌਰ ਦਾ ਮੁਕਟ ਲਾਇਆ, ਪੈਰਾਂ ਵਿੱਚ ਘੁੰਗਰੂ ਪਾਏ, ਸੁੰਦਰ ਪਾਦੂਕਾ ਪਹਿਨਾਈ ਅਤੇ ਗੋਪਾਅਸ਼ਟਮੀ ਦੀ ਸ਼ੁਰੂਆਤ ਹੋ ਗਈ ਤੇ ਇਸੇ ਕਰਕੇ ਸ੍ਰੀ ਕ੍ਰਿਸ਼ਣ ਨੂੰ ਗੋਪਾਲ ਅਤੇ ਗੋਬਿੰਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਸ੍ਰੀ ਸ਼ਰਮਾ ਨੇ ਦੱਸਿਆ ਕਿ ਕਮੀਸ਼ਨ ਵੱਲੋਂ ਗਊਧਨ ਸਿਹਤ ਭਲਾਈ ਕੈਂਪ ਵੀ ਲਗਾਏ ਜਾ ਰਹੇ ਹਨ ਜਿਸ ਨਾਲ ਗਊਧਨ ਨੂੰ ਬਿਹਤਰ ਸਿਹਤ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਕਮੀਸ਼ਨ ਵੱਲੋਂ ਗਊਸ਼ਾਲਾਵਾਂ ਨੂੰ ਆਤਮ ਨਿਰਭਰ ਲਈ ਕਾਰਜ ਜੋਰਾਂ 'ਤੇ ਹਨ, ਜਿਸਦੇ ਚੱਲਦਿਆਂ ਸੂਬੇ ਵਿੱਚ ਗੋਬਰ ਤੋਂ ਤਿਆਰ ਦੀਵੇ, ਗਮਲੇ, ਹਵਨ ਅਤੇ ਵੱਖ-ਵੱਖ ਥਾਵਾਂ 'ਤੇ ਪ੍ਰਯੋਗ ਕੀਤੇ ਜਾਣ ਵਾਲੇ ਲਕੜੀ ਦੀ ਤਰ੍ਹਾਂ ਬਾਲੇ, ਗੋਲਚੇ, ਧੂਪ ਜਿਸ ਨਾਲ ਦੂਸ਼ਿਤ ਧੂੰਆਂ ਨਹੀਂ ਫੈਲਦਾ, ਜੋ ਕਿ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਵਿੱਚ ਕਮੀਸ਼ਨ ਦਾ ਯੋਗ ਕਦਮ ਹੈ। ਸ੍ਰੀ ਸ਼ਰਮਾ ਨੇ ਸੂਬੇ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਗਊਸੇਵਾ ਲਈ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਅੱਗੇ ਆਉਣ ਤੇ ਸੂਬਾ ਸਰਕਾਰ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਗਊਧਨ ਦੀ ਸੁਰੱਖਿਆ, ਸੰਭਾਲ ਅਤੇ ਬੇਹਤਰੀ ਲਈ ਕੰਮ ਕੀਤੇ ਜਾ ਸਕਦੇ ਹਨ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਗਊਧਨ ਗਊਮਾਤਾ ਪ੍ਰਤੀ ਹਰ ਸੰਭਵ ਕਾਰਜਾਂ ਲਈ ਵਚਨਬੱਧ ਹੈ।

ਸ੍ਰੀ ਸਚਿਨ ਸ਼ਰਮਾ ਵੱਲੋਂ ਗਊਸ਼ਾਲਾ ਵਿਖੇ ਉਸਾਰੀ ਅਧੀਨ ਵਿਸ਼ਾਲ ਮੰਦਿਰ ਅਤੇ ਗਊਸ਼ਾਲਾ ਦੇ ਨਾਲ ਲਣ ਰਹੀ ਗਊਸ਼ਾਲਾ (ਪਾਰਟ-2) ਦੇ ਨਵਨਿਰਮਾਣ ਕਾਰਜਾਂ ਦਾ ਵੀ ਵਿਸ਼ੇਸ਼ ਤੌਰ 'ਤੇ ਜਾਇਜਾ ਲਿਆ। ਇਸ ਮੌਕੇ ਗਊਸ਼ਾਲਾ ਦੇ ਚੇਅਰਮੈਨ ਸਵਾਮੀ ਸ੍ਰੀ ਦੇਵਰੱਤ ਜੀ ਮਹਾਰਾਜ, ਪ੍ਰਧਾਨ ਸ੍ਰੀ ਅਭਿਨਾਸ਼ ਗੁਪਤਾ, ਟ੍ਰਸਟੀ ਸ੍ਰੀ ਸੁਧੀਰ ਸ਼ਰਮਾ, ਸ੍ਰੀ ਜਤਿੰਦਰ ਗੁਜਰਾਤੀ, ਸ੍ਰੀ ਰਮੇਸ਼ ਗਰਗ, ਸੱਤਿਆਪਾਲ ਅਤੇ ਸਮੂਹ ਗਊਭਗਤ ਹਾਜ਼ਰ ਸਨ।



LATEST ACTIVITIES