0172-2298085

Follow Us on  



<< BACK


ਗਊਸ਼ਾਲਾਵਾਂ ਚ ਗੋਹੇ ਤੋਂ ਆਰਗੈਨਿਕ ਖਾਦ ਬਣਾਉਣ ਦੇ ਲੱਗੇਣਗੇ ਪ੍ਰਾਜੈਕਟ - ਸਚਿਨ ਸ਼ਰਮਾ







- ਗੋਹੇ ਤੋਂ ਧੂਫ਼, ਹਵਨ ਸਮੱਗਰੀ ਤੇ ਲੱਕੜੀ ਵੀ ਹੋਵੇਗੀ ਤਿਆਰ
- ਗਊਸ਼ਾਲਾਵਾਂ ਨੂੰ ਆਤਮ ਨਿਰਭਰ ਬਣਾਉਣ ਦੇ ਯਤਨਾਂ ਨੂੰ ਜਲਦ ਪਵੇਗਾ ਬੂਰ-ਸ਼ਰਮਾ
- ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵੱਲੋਂ ਗੋਹੇ ਤੋਂ ਵੱਖ-ਵੱਖ ਵਸਤਾਂ ਬਣਾਉਣ ਲਈ ਸਾਜੋ-ਸਾਮਾਨ ਬਣਾਉਣ ਵਾਲੀ ਫੈਕਟਰੀ ਸੰਨੀ ਇੰਜੀਨੀਅਰਿੰਗ ਦਾ ਦੌਰਾ

ਪਟਿਆਲਾ, 20 ਜਨਵਰੀ 2020 - ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਕਿਹਾ ਹੈ ਕਿ ਰਾਜ ਦੀਆਂ 426 ਗਊਸ਼ਾਲਾਵਾਂ ਅਤੇ 20 ਕੈਟਲ ਪੌਂਡਾਂ ਨੂੰ ਆਤਮ ਨਿਰਭਰ ਬਣਾਉਣ ਲਈ ਗਊ ਸੇਵਾ ਕਮਿਸ਼ਨ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਸ੍ਰੀ ਸ਼ਰਮਾ ਨੇ ਅੱਜ ਪਟਿਆਲਾ ਦੇ ਫੋਕਲ ਪੁਆਇੰਟ ਸਥਿਤ ਸੰਨੀ ਇੰਜੀਨੀਅਰਿੰਗ ਵਰਕਸ ਦਾ ਦੌਰਾ ਕੀਤਾ, ਜਿੱਥੇ ਕਿ ਗੋਹੇ ਤੋਂ ਲੱਕੜੀ ਸਮੇਤ ਆਰਗੈਨਿਕ ਖਾਦ, ਧੂਫ਼ ਅਤੇ ਹਵਨ ਸਮੱਗਰੀ ਤਿਆਰ ਕਰਨ ਵਾਲੀ ਮਸ਼ੀਨਰੀ ਤਿਆਰ ਕੀਤੀ ਜਾਂਦੀ ਹੈ।
  ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਗਊ ਸੇਵਾ ਕਮਿਸ਼ਨ ਅਧੀਨ ਆਉਂਦੀ ਰਾਜ ਦੀ ਹਰ ਗਊਸ਼ਾਲਾ ਵਿਖੇ ਅਜਿਹੀਆਂ ਮਸ਼ੀਨਾਂ ਦਾ ਪ੍ਰਾਜੈਕਟ ਲਗਾਇਆ ਜਾਵੇਗਾ ਤਾਂ ਕਿ ਦੁੱਧ ਨਾ ਵੀ ਦੇਣ ਵਾਲੇ ਗਊਧਨ ਦੇ ਗੋਹੇ ਦੀ ਸਦਵਰਤੋਂ ਕੀਤੀ ਜਾ ਸਕੇ ਅਤੇ ਉਸਨੂੰ ਦੁੱਧ ਨਾ ਦੇਣ ਕਰਕੇ ਭਾਰ ਨਾ ਸਮਝਿਆ ਜਾਵੇ। ਉਨ੍ਹਾਂ ਕਿਹਾ ਕਿ ਗਊਆਂ ਦੇ ਗੋਹੇ ਤੋਂ ਲੱਕੜ, ਆਰਗੈਨਿਕ ਖਾਦ, ਧੂਫ਼, ਹਵਨ ਸਮੱਗਰੀ ਆਦਿ ਬਣਾਈ ਜਾਣੀ ਸ਼ੁਰੂ ਹੋ ਗਈ ਹੈ ਅਤੇ ਇਸਨੂੰ ਪੰਜਾਬ ਦੀ ਹਰ ਗਊਸ਼ਾਲਾ 'ਚ ਲਗਾ ਕੇ ਗੋਹੇ ਅਤੇ ਹੋਰ ਰਹਿੰਦ ਖੂੰਹਦ ਦਾ ਰੂਪ ਬਦਲਕੇ ਉਸਤੋਂ ਲਾਭ ਕਮਾਇਆ ਜਾ ਸਕੇਗਾ।
ਸ੍ਰੀ ਸ਼ਰਮਾ ਨੇ ਕਿਹਾ ਕਿ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਵੀ ਲਿਖਿਆ ਜਾਵੇਗਾ ਕਿ ਅਜਿਹੀਆਂ ਮਸ਼ੀਨ ਬੇਰੁਜ਼ਗਾਰ ਨੌਜਵਾਨਾਂ ਅਤੇ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਲਈ ਸਬਸਿਡੀ ਪ੍ਰਦਾਨ ਕੀਤੀ ਜਾਵੇ ਤਾਂ ਕਿ ਗੋਹੇ ਦੀ ਲੱਕੜ ਬਣਾ ਕੇ ਇਸ ਨੂੰ ਬਾਲਣ ਸਮੇਤ ਹੋਰ ਵਸਤਾਂ ਬਣਾਉਣ ਲਈ ਵਰਤਿਆ ਜਾ ਸਕੇ ਤੇ ਨੌਜਵਾਨ ਇਸਨੂੰ ਰੋਜ਼ਗਾਰ ਅਤੇ ਆਪਣੀ ਆਮਦਨ ਦਾ ਸਾਧਨ ਬਣਾਂ ਸਕਣ।
ਸ੍ਰੀ ਸ਼ਰਮਾ ਨੇ ਕਿਹਾ ਕਿ ਰਾਜ ਦੇ ਹਰ ਪਸ਼ੂ ਦੀ ਟੈਗਿੰਗ ਕਰਕੇ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਸੜਕਾਂ 'ਤੇ ਘੁੰਮਣ ਵਾਲੇ ਪਸ਼ੂ ਦੇ ਕਿਸੇ ਮਾਲਕ ਅਤੇ ਗਊਸ਼ਾਲਾ ਤੋਂ ਹੋਣ ਬਾਰੇ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਸਨ ਤਾਂ ਕਿ ਕਾਓ ਸੈਸ ਦੀ ਸਦਵਰਤੋਂ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਨਾਤਨ ਸਮੇਂ ਤੋਂ ਲੈਕੇ ਗਊ ਨੂੰ ਅੱਜ ਤੱਕ ਮਾਤਾ ਦਾ ਦਰਜਾ ਦਿੱਤਾ ਜਾਂਦਾ ਹੈ ਇਸ ਲਈ ਆਮ ਲੋਕਾਂ ਤੇ ਸਮਾਜ ਸੇਵੀ ਜਥੇਬੰਦੀਆਂ ਵੀ ਇਨ੍ਹਾਂ ਦੀ ਸੰਭਾਲ ਲਈ ਅੱਗੇ ਆਉਣ।
ਇਸ ਮੌਕੇ ਸੰਨੀ ਇੰਜੀਨੀਅਰਿੰਗ ਵਰਕਸ ਦੇ ਮਾਲਕ ਸ੍ਰੀ ਭਜਨ ਸਿੰਘ ਪਾਲ ਅਤੇ ਉਨ੍ਹਾਂ ਦੇ ਸਪੁੱਤਰ ਇੰਜੀਨੀਅਰ ਕਾਰਤਿਕ ਪਾਲ, ਜਿਸਨੇ ਗੋਹੇ ਦੀਆਂ ਵਸਤਾਂ ਬਣਾਉਣ ਵਾਲੀ ਇਹ ਕਾਢ ਕੱਢੀ ਹੈ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਗੁਰਦੇਵ ਸ਼ਕਤੀ ਦੁਆਰਾ ਬਣਾਈਆਂ ਮਸ਼ੀਨਾਂ ਨਾਲ ਗੋਹੇ ਤੋਂ ਬਣੀ ਲੱਕੜੀ ਸਮਸ਼ਾਨ ਘਾਟ ਵਿਖੇ ਮ੍ਰਿਤਕ ਦੇਹਾਂ ਦੇ ਸਸਕਾਰ ਲਈ ਲੱਕੜ ਦੀ ਥਾਂ ਵਰਤਿਆ ਜਾ ਸਕਦਾ ਹੈ ਜਿਸ ਨਾਲ ਰੁੱਖਾਂ ਨੂੰ ਕੱਟਣ ਦੀ ਥਾਂ ਗੋਹੇ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਰਮੇਸ਼ ਮਾਥੁਰ, ਪੰਜਾਬ ਗਊ ਸੇਵਾ ਕਮਿਸ਼ਨ ਦੇ ਡਿਪਟੀ ਸੀ.ਈ.ਓ. ਡਾ. ਪਰਮਪਾਲ ਸਿੰਘ, ਡਾ. ਭੁਪੇਸ਼, ਡਾ. ਗੁਰਚਰਨ ਸਿੰਘ, ਸ੍ਰੀ ਐਚ.ਪੀ.ਐਸ. ਲਾਂਬਾ, ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਵਜੀਰ ਚੰਦ, ਪ੍ਰਧਾਨ ਸ੍ਰੀ ਅਸ਼ਵਨੀ ਗੁਪਤਾ, ਜਨਰਲ ਸਕੱਤਰ ਸ੍ਰੀ ਅਦਰਸ਼ਪਾਲ ਸੋਢੀ, ਬੀਰ ਜੀ ਸਮਸ਼ਾਨ ਘਾਟ ਦੇ ਵਾਇਸ ਚੇਅਰਮੈਨ ਸ੍ਰੀ ਕੁੰਦਨ ਗੋਗੀਆ, ਸ੍ਰੀ ਸਤਪਾਲ ਚਾਂਦ ਆਦਿ ਵੀ ਹਾਜਰ ਸਨ।



LATEST ACTIVITIES