-ਕਲੋਨੀ ਵਾਸੀਆਂ ਦੀ ਸ਼ਿਕਾਇਤ ਦੇ ਨਿਪਟਾਰੇ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ-ਸਚਿਨ ਸ਼ਰਮਾ
-ਲੋਕਾਂ ਨੂੰ ਸਮੱਸਿਆ ਤੋਂ ਨਿਜ਼ਾਤ ਦਿਵਾਈ ਜਾਵੇਗੀ ਤੇ ਦੋਸ਼ੀ ਪਾਏ ਜਾਣ ਵਾਲਿਆਂ ਸਬੰਧੀਂ ਕਾਰਵਾਈ ਹੋਵੇਗੀ-ਸ਼ਚਿਨ ਸ਼ਰਮਾ
ਨਾਭਾ/ਪਟਿਆਲਾ, 4 ਜੁਲਾਈ:
ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਅੱਜ ਨਾਭਾ ਗਊਸ਼ਾਲਾ ਕਮੇਟੀ ਵੱਲੋਂ ਚਲਾਈ ਜਾ ਰਹੀ ਗਊਸ਼ਾਲਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਵੀ ਗਾਬਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਕਲੋਨੀ ਵਾਸੀਆਂ ਵੱਲੋਂ ਗਊਸ਼ਾਲਾ ਪ੍ਰਬੰਧਕਾਂ ਖ਼ਿਲਾਫ਼ ਮਰੀਆਂ ਗਊਆਂ ਨੂੰ ਕਲੋਨੀ ਦੇ ਪਿਛਲੇ ਪਾਸੇ ਗਊਸ਼ਾਲਾ ਦੀ ਜਮੀਨ ਵਿੱਚ ਦੱਬਣ ਕਰਕੇ ਪੈਦਾ ਹੋਈ ਬਦਬੂ ਦੀ ਕੀਤੀ ਗਈ ਸ਼ਿਕਾਇਤ ਸਮੇਤ ਮਰੀਆਂ ਗਊਆਂ ਦੀਆਂ ਹੱਡੀਆਂ ਵੇਚਣ ਦੇ ਲਾਏ ਦੋਸ਼ਾਂ ਦਾ ਗੰਭੀਰ ਨੋਟਿਸ ਲਿਆ।
ਸ੍ਰੀ ਸ਼ਰਮਾ ਨੇ ਮੌਕੇ 'ਤੇ ਪੁੱਜ ਕੇ ਸਥਾਨਕ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਧਿਆਨ ਨਾਲ ਸੁਣਕੇ ਇਸ ਮਾਮਲੇ ਦੀ ਪੂਰੀ ਪੜਤਾਲ ਕਰਨ ਲਈ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਵੀ ਗਾਬਾ ਦੀ ਅਗਵਾਈ ਹੇਠ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ।
ਚੇਅਰਮੈਨ ਸ੍ਰੀ ਸ਼ਰਮਾ ਨੇ ਕਲੋਨੀ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਦੀ ਖ਼ੁਦ ਨਿਗਰਾਨੀ ਕਰਨਗੇ ਅਤੇ ਕਮੇਟੀ ਦੀ ਰਿਪੋਰਟ ਆਉਣ 'ਤੇ ਜੇਕਰ ਗਊਸ਼ਾਲਾ ਦਾ ਕੋਈ ਵੀ ਮੈਂਬਰ ਦੋਸ਼ੀ ਪਾਇਆ ਗਿਆ ਤਾ ਉਸ ਸਬੰਧੀਂ ਬਣਦੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਸਚਿਨ ਸ਼ਰਮਾ ਨੇ ਇਹ ਵੀ ਭਰੋਸਾ ਦਿੱਤਾ ਕਿ ਕਲੋਨੀ ਨਿਵਾਸੀਆਂ ਨੂੰ ਦਰਪੇਸ਼ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ਹਰ ਪੁੱਖ਼ਤਾ ਕਦਮ ਚੁੱਕਿਆ ਜਾਵੇਗਾ।